Listen Now Listen Now
Listen Now
Listen Now
Sunday, 12 February 2012 06:12

ਪੁੰਨ ਦੀ ਗਾਂ ਦੇ ਦੰਦ ਨਹੀਂ ਗਿਣੇ ਜਾਂਦੇ…

Written by Amandeep Singh Sidhu
Rate this item
(1 vote)
 

Daruਲੋਕਾਂ ਦੀਆ ਗੱਲਾਂ ਸੁਣ ਸੁਣ ਕੇ ਲੱਗਦਾ ਅਸੰਬਲੀ ਇਲੈਕਸ਼ਨ ਲੜਨਾ ਖਾਸ  ਬੰਦਿਆਂ ਦਾ ਹੀ ਕੰਮ ਰਹਿ ਗਿਆ । ਖਰਚੇ ਲੱਖਾਂ 'ਚ ਨਹੀਂ ਕਰੋੜਾ ਵਿੱਚ ਹੁੰਦੇ ।ਤੇਲ ਉਡਦਾ; ਦਾਰੂ ਉਡਦੀ ;ਪੈਸਾ ਉਡਦਾ  ।ਐਤਕੀਂ ਚੋਣ ਕਮਿਸ਼ਨ ਨੇ ਬਹੁਤ ਸਖਤੀ ਕੀਤੀ ਤੇ ਚੋਣਾ ਦਾ ਮਹੌਲ ਹੀ ਬਦਲਾ ਦਿੱਤਾ ।ਪਿਛਲੀਆਂ ਚੋਣਾਂ ਵੇਲੇ ਜਦ ਵੋਟਾਂ ਪੈਣ 'ਚ ਦਸ ਕੁ ਦਿਨ ਰਹਿ ਜਾਂਦੇ ਸੀ ਤਾਂ ਪਿਆਕੜਾਂ ਦਾ ਚੇਹਰਿਆਂ ਤੇ ਹਾਸੀਆਂ ਆ ਜਾਂਦੀਆਂ ।ਦਾਰੂ ਪੀ ਪੀ  ਕੁੱਖਾਂ ਕੱਢ ਲੈਂਦੇ  ।ਅਮਲ ਪੋਸਤੀ ਵੀ ਸਵੇਰ ਵੇਲੇ ਬੁੜ੍ਹਕ ਕੇ ਉਠਦੇ ।ਪੇਟੀਆਂ ਖੁਲਦੀਆਂ  ਤਰਾਰੇ ਬੱਝਦੇ  ਅਫੀਮਾਂ ਭੁੱਕੀਆਂ  ਦੇ ਲੰਗਰ ਚਲਦੇ ।ਪਰ ਇਸ ਵਾਰ ਬਹੁਤ ਠੰਡਾ ਰਿਹਾ ।ਸ਼ਰੇਆਮ ਨਾ  ਕੋਈ ਦਾਰੂ ਸੀ ਨਾ ਕੋਈ   ਗਲਾਸੀ ; ਕਿਸੇ ਪਿੰਡ ਕਿਸੇ ਮਹੱਲੇ ਕੋਈ ਲਲਕਰਾ ਨਹੀਂ  ਕੋਈ ਚਾਂਗਰ ਨਹੀਂ ; ਕੋਈ ਫੱਟੜ ਨਹੀਂ ਕੋਈ  ਜਖਮੀ ਨਹੀਂ ।


ਦੂਜੇ ਪਾਸੇ ਵੋਟਰ ਵੀ ਪਹਿਲਾਂ ਵਰਗਾ ਨਹੀਂ ਰਿਹਾ ; ਬਹੁਤ ਤੇਜ਼ ਹੋ ਗਿਆ।ਐਂ ਲਗਦਾ ਹਰ ਗਰੀਬ ਅਣਪੜ੍ਹ ਦਿਹਾੜੀਦਾਰ ਵਾਹੀਕਾਰ ਨੂੰ ਵੋਟ ਦੀ ਅਸਲ ਗਹਿਰੀ ਸ਼ਕਤੀ ਦਾ ਪਤਾ ਲੱਗ ਗਿਆ।ਵੋਟਰ ਨੇ ਸੋਚ ਲਿਆ ਇਨ੍ਹਾਂ ਵੋਟਾਂ ਮੰਗਣ ਵਾਲਿਆਂ ਨੇ ਜਿਤ ਕੇ ਘਰ ਭਰ ਲੈਣੇ  ।ਇਲੈਕਸ਼ਨ ਪਿਛੋਂ ਮੁੜਕੇ ਇਨ੍ਹਾਂ ਕੋਈ ਮੂੰਹ ਨਹੀਂ ਵਖਾਉਣਾ ਦਾਰੂ ਦੱਪੇ ਚ ਕੀ ਪਿਆ ਮੌਕਾ ਹੈ ਜੋ ਹੱਥ ਆਉਂਦਾ ਲਾਹੇ ਦਾ ਹੀ ਹੈ।ਪੁੰਨ ਦੀ ਗਾਂ ਦੇ ਦੰਦ ਨਹੀਂ ਗਿਣੇ ਜਾਂਦੇ ।

ਮੋਠੂ ਮਲੰਗਾ  ! ਏਸੇ ਗੱਲ ਦੇ ਹਵਾਲੇ ਨਾਲ ਇਨ੍ਹਾਂ ਚੋਣਾ 'ਚ ਸੁਣਨ ਨੂੰ ਬਹੁਤ ਹੀ ਅਜੀਬ ਜੇਹੀਆਂ ਗੱਲਾਂ ਮਿਲੀਆਂ ਕਿ ਲੋਕਾਂ ਨੇ ਆਪਣੀਆਂ ਵੋਟਾਂ ਦਾ ਮੁੱਲ ਕਿਵੇਂ ਪੁਅਇਆ। ਇਕ  ਚੋਣ ਦਫਤਰ ਦਾ ਇੰਚਾਰਜ ਸੀ ਉਸ ਨੇ ਕਿਸੇ ਨੂੰ ਦੱਸਿਆ   -ਬਈ  ਇਹ ਜੋ ਦਫਤਰ ਦੀ ਇੰਚਾਰਜੀ ਕੰਮ ਹੈ ਨਾ ਇਹ ਹੈ ਬਹੁਤ ਕੁੱਤਾ । ਧੇਲੀ ਦੇ ਬੰਦੇ ਨਹੀਂ ਹੁੰਦੇ ਸਾਰਾ ਸਿਆਲ ਨਹੀਂ ਨ੍ਹਾਤੇ ਹੁੰਦੇ ਪਿੰਡਿਆਂ ਚੋਂ ਸ਼ਰਾਬ ਦੀ ਹਮਕ ਮਾਰ ਰਹੀ ਹੁੰਦੀ ਹੈ ਤੇ ਧੁੱਸ ਦੇ ਕੇ ਉਤੇ ਆ ਚੜ੍ਹਦੇ ਆ। ਪਰ ਕੀ ਕਰੀਏ ਗਰਜ ਹੁੰਦੀ ; ਜੇਹੋ ਜੇਹੇ ਵੀ ਹੋਣ ਬਹੁਤ ਹੀ ਨੀਵੇਂ ਹੋ ਕੇ ਹੱਥਾਂ 'ਚ ਹੱਥ ਲੈਕੇ ਜੀ ਜੀ ਕਰਕੇ ਨਿਘਾ ਜੇਹਾ ਹੋ ਕੇ ਮਿਲਣਾ ਪੈਂਦਾ ।ਜੇ ਮਿਲਣ ਵੇ ਅਟੈਂਡ ਕਰਨ  ਭੋਰਾ ਭਰ ਦੇਰ ਹੋ ਜੇ   ਮੂੰਹ ਭੜੋਲੇ ਵਾਂਗੂੰ ਸੁਜਾ ਕੇ ਪੁੱਠੇ  ਪੈਰੀਂ ਮੁੜ ਜਾਂਦੇ। ਬਾਹਲਾ ਹੀ ਬੋਚ ਬੋਚਕੇ ਕਦਮ ਪੱਟਣਾ ਪੈਂਦਾ ।ਆਉਣ ਸਾਰ ਕੁਰਸੀ ਨਾ ਦੇਈਏ ਜਾਂ ਚਾਹ ਪਾਣੀ ਨਾ ਪੁੱਛੀਏ ਤਾਂ ਪਲ 'ਚ ਟਿੰਡ ਪਰਨੇ ਹੋ ਜਾਂਦੇ ਆ।ਇਕ ਦਿਨ ਬਸਤੀ ਵਾਲਿਆਂ ਦਾ ਮੱਘਾ ਕਾਰਕੁਨ ਛੀ ਸੱਤ ਜਣਿਆਂ ਦਾ ਟੋਲਾ ਜੇਹਾ ਬਣਾ ਕੇ ਦਫਤਰ ਆ ਪਹੁੰਚਿਆ ਤੇ ਕਹਿਣ ਲੱਗਾ-  ਬਾਈ ਜੀ ਸਰਦਾਰ ਸਾਹਵ ਹੁਰਾਂ ਨੂੰ ਮਿਲਣਾ ; ਐਸ ਵੇਲੇ ਕੇਹੜੀ ਥਾਂ 'ਤੇ ਮਿਲਣਗੇ –। ਮੈਂ ਉਸ ਨੂੰ ਦੱਸਿਆ ਐਸ ਵੇਲੇ  ਗਾਂਧੀ ਚੌਕ ਵਿਚ ਹੋਣਗੇ ।ਜੇ  ਛੋਟਾ ਮੋਟਾ ਕੰਮ ਹੈ ਤਾਂ ਮੈਂ ਕਰ ਦਿੰਦਾ ਹਾਂ ਜੇ ਬਾਹਲਾ ਜਰੂਰੀ ਕੰਮ ਹੈ ਤਾਂ  ਸ਼ਾਮੀ ਆ ਜਿਉ  ਚੱਜ ਨਾਲ ਗੱਲ ਹੋ ਜਾਏਗੀ ਖੁੱਲ ਕੇ ਗੱਲ ਕਰ ਲਿਉ -।ਮੱਘੇ ਹੁਰਾਂ ਦੀ ਦਿਨ ਛਿਪੇ ਜੇਹੇ  ਸਾਰੀ ਢਾਣੀ ਪ੍ਰਧਾਨ ਸਾਹਬ ਕੋਲ ਪਹੁੰਚ ਗਈ । ਮੱਘੇ ਨੂੰ ਵੇਖ ਕੇ ਸਰਦਾਰ ਹੁੱਬ ਕੇ ਮਿਲੇ – ਦੱਸ ਬਈ ਮੱਘਿਆ ਕਿਵੇਂ ਆਉਣਾ ਹੋਇਆ –। ਤਾਂ ਮੱਘਾ ਬਹੁਤ ਹੀ ਗੰਭੀਰ ਜੇਹਾ ਹੋ ਕੇ ਆਖਣ ਲੱਗਾ –ਸਰਦਾਰ ਸਾਹਵ ਉਹ  ਸੀ ਨੂੰ ਤੀ ਆਖਦਾ ਸੀ ।ਗੱਲ ਐਂ ਤੀ  ਇਨਾਂ ਬਾਈ ਜੀ ਹੁਰਾਂ ਦੀਆਂ ਇਕੱਲੇ ਘਰ ਦੀਆਂ ਵੀਹ ਵੋਟਾਂ ।ਥੋਨੂੰ ਪਤਾ ਈ ਐ ਕੇਹੜਾ ਭੁੱਲੇ ਹੋ ਮੁੱਢੋ ਮੁਢੀ ਨਾਲ ਤੁਰੇ  ਆਉਂਦੇ ;ਸਰਪੰਚੀ, ਜ਼ਿਲਾ ਪ੍ਰੀਸ਼ਦ, ਅਸੰਬਲੀ ਚੋਣਾਂ ਵੇਲੇ ਅੱੱਜ ਤੀਕ ਆਪਾਂ ਤੋਂ ਹਵਾ  ਭਰ ਵੀ ਪਾਸੇ ਨਹੀਂ ਤੀ ਗਏ ।ਪਿਛਲੇ ਐਮ ਪੀ ਅਲੈਕਸ਼ਨ ਵੇਲੇ ਵੀ ਇਹ ਗਹਿ ਗੱਡਵੇਂ ਆਪਣੇ ਨਾਲ ਭੁਗਤੇ ਤੀ ; ਪੱਕੀਆਂ ਵੋਟਾਂ ।ਸਰਦਾਰ ਸਾਹਵ  ਮਸਲਾ ਇਹ ਆ ਗਿਆ ਬਈ ਆਹ ਬੰਦਾ ਹੈ  ਸਾਧੂ ਸਿੰਹੁ ਬਹੁਤ ਹੀ ਸਾਧ ਬੰਦਾ । ਤਿੰਨ ਕੁ ਸਾਲ ਪਹਿਲਾਂ ਇਸ ਦਾ ਵਿਆਹ ਹੋਇਆ ਸੀ ।ਦੋ ਸਾਲ ਕੁ ਤਾਂ ਬਹੁਤ ਸੋਹਣੀ ਰਸਨਾ ਬਣੀ ਰਹੀ ਬਾਅਦ ਪਤਾ ਨਹੀਂ ਕੋਈ ਗਲਤ ਫਹਿਮੀ ਜੇਹੀ ਕੀ ਹੋ ਗਈ ਤੀ ।ਇਸ ਦੀ ਘਰਵਾਲੀ ਰੁੱਸ ਕੇ ਮਾਪੀਂ ਚਲੀ ਗਈ ਹੈ ।ਡੂਢ ਸਾਲ ਦਾ ਜੁਆਕ ਜੇਹਾ ਉਹ ਇਹ ਦੇ ਕੋਲ ਛੱਡ ਗਈ  । ਕਈ ਵਾਰ ਕੋਸ਼ਟਾਂ ਕੀਤੀਆਂ ਗੱਲ ਸਿਰੇ ਨਹੀਂ ਲੱਗੀ  ।ਚਾਰ  ਕੁ ਦਿਨ ਹੋ ਗਏ ਸਾਨੂੰ ਵਿਰਲ ਜੇਹੀ ਮਿਲੀ ਤੀ ।ਸੁਨੇਹਾ ਮਿਲਿਆ ਜੇ ਚੱਜ ਨਾਲ ਮਾਣ ਤਾਣ ਨਾਲ ਲਿਜਾਣ ਗੇ ਤਾਂ ਤੋਰ ਦਿਆਂ ਗੇ  ।ਲੋਕੀਂ ਤਾਂ ਆਹਦੇ ਚੁੱਪ ਕਰਕੇ ਬੈਠੇ ਰਹੋ ਠਾਰਾਂ ਰੁਪਏ ਕਿਲੋ ਆਟਾ ਹੋਇਆ ਪਿਆ ਕਿੰਨਾਂ ਕੁ ਚਿਰ ਘਰੇ ਬਿਠਾਈ ਰੱਖਣਗੇ ; ਰਿੰਗ ਕੇ ਤੋਰਨ ਗੇ ।ਪਰ ਫ੍ਰਧਾਨ ਜੀ  ਥੋਡੇ ਕੋਲ ਕਾਹਦਾ ਲਕੋ ;ਕੱਲੇ ਦੀ  ਕਾਹਦੀ ਜ਼ਿੰਦਗੀ ਛੋਟਾ ਜੇਹਾ ਜੁਆਕ ਏਹਦੇ ਕੋਲ ਸਿੱਟਗੀ ਔਖਾ ਬਹੁਤ ਕਰਦਾ ।ਸਰਦਾਰ ਸਾਹਵ ਇਸ ਦਾ ਜਿਹੜਾ ਸਹੁਰਾ ਨਾ …ਉਹ ਆਵਦਾ ਮਾਣ ਜੇਹਾ ਕਰਾਉਣਾ ਚਾਹੁੰਦਾ। ਉਨਾ  ਦਾ  ਮੂੰਹ ਜੇਹਾ ਬੰਦ ਕਰਨ ਵਾਸਤੇ ਇਕ ਦੋ ਸੂਟ ਤੇ ਛੋਟੀ ਮੋਟੀ ਟੂਮ ਜੇਹੀ ਦੇਣੀ ਪੈਣੀ ।ਕਰੋੜਾਂ ਦੀ ਖੇਡ ਵਿੱਚ ਥੋਡਾ ਕਿੰਨਾਂ ਖਪੀ ਜਾਂਦਾ ਤੁਸੀਂ ਐਨਾ ਕੁ ਪਰਬੰਧ ਕਰ ਦਿਉ ।ਇਹ  ਦਾਰੂ ਸਿੱਕੇ ਵਾਲੇ  ਬੰਦੇ ਹੈ ਨੀ  ।ਚੁਆਨੀ ਭਰ ਛਾਪ ਨਾਲ ਬੁੜੀ ਵਿਰ ਜੂ ।ਇਨਾਂ ਦੀਆਂ ਵੋਟਾਂ ਦੀ ਜਿੰਮੇਵਾਰੀ ਸਾਰੀ ਮੇਰੀ ਇਕ ਨਹੀਂ ਪਾਸੇ ਜਾਣ ਦਿੰਦਾ ।ਐਨਾ ਕੁ ਕਰ ਦਿਉ ਇਸ ਦਾ ਘਰ ਵਸਦਾ ਹੋ ਜੂ।

ਏਵੇਂ ਈ ਨਾ ਬਈ ਮੋਠੂ ਮਲੰਗਾ ! ਇਕ ਹੋਰ ਮੋਢੀ ਬੰਦੇ ਦੀ ਗੱਲ ਸੁਣਨ ਨੂੰ ਮਿਲੀ ।ਕਿਸੇ ਨੇ ਉਸ ਨੂੰ ਪੁਛਿਆ  – ਭਾਈ ਸਾਹਬ ਐਤਕੀਂ ਦਾਰੂ ਦੱਪੇ ਦਾ ਕੀ ਹਾਲ ਐ ਰੌਣਕਾਂ ਲੱਗਣ ਲੱਗੀਆਂ
ਕੇ ਨਹੀਂ –ਤਾਂ ਉਹ ਆਂਹਦਾ – ਬਾਈ ਜੀ ਇਸ ਕੰਮ  ਦਾ ਤਾਂ ਚੋਣ ਕਮਿਸ਼ਨ ਨੇ ਹੀ ਸਾਨੂੰ ਬਹੁਤ ਸੌਖਾ  ਕਰਤਾ ।ਬੋਤਲਾਂ ਦੀ ਵੰਡ ਵੰਡਾਈ ਤੋਂ ਤਾਂ ਸੌਖੇ ਹੋ ਗਏ  ਪਰ ਐਤਕੀ ਤਾਂ ਹੋਰ ਅਜੀਬ ਕਿਸਮ ਦੀਆਂ  ਵਗਾਰਾਂ ,ਮੰਗਾਂ ਹੀ ਸੂਤ ਨਹੀਂ ਆਉਂਦੀਆਂ।ਕੱਲ ਚਾਰ ਕੁ ਜਾਣੇ ਗਰੁੱਪ ਜੇਹਾ ਬਣਾ ਕੇ ਆ ਗਏ  ਤੇ ਮੈਨੂੰ ਪਾਸੇ ਕਰਕੇ ਆਂਹਦੇ- ਬਾਈ ਇਕ ਜਰੂਰੀ ਗੱਲ ਕਰਨੀ ਆ ।ਆਹ ਧੰਤਾ ਸਿੰਹੁ ( ਫਰਜ਼ੀ ਨਾਂ)  ਸਾਡੀ ਯੂਨੀਅਰ ਦਾ  ਮੈਂਬਰ  ਹੈ  ਨੌਂ ਕੁ ਦਿਨ ਪਹਿਲਾਂ ਚਾਣਚੱਕ ਹੀ ਇਸ ਦੀ ਸੱਸ ਦੀ ਮੌਤ ਹੋ ਗਈ ਕੱਲ ਨੂੰ ਭੋਗ ਹੈ ਤੇ ਭੋਗ ਤੋਂ ਬਾਅਦ ਫੁੱਲ ਪਾਉਣ ਲਈ ਕੀਰਤਪੁਰ ਜਾਣਾ। ਇਸ ਦਾ ਸਹੁਰਾ ਵੀ ਰਿਹਾ ਪਿਆ ਖਰੌੜੀਆਂ 'ਤੇ ਤੁਰਦਾ ; ਹੱਥ ਬਹੁਤ ਤੰਗ ਕੋਈ ਕਮਾਊ ਬੰਦਾ ਹੈ ਨੀ ; ਸਾਰਾ ਧੰਤੇ ਨੂੰ ਕਰਨਾ ਪੈ ਰਿਹਾ  । ਮੈਂ ਸ਼ਾਅਦੀ ਭਰਦਾਂ ਬੰਦਾ ਬਹੁਤ ਨੇਕ ਐ ..ਨਾਲ ਖੜਨ ਵਾਲਾ ।ਬੇਨਤੀ ਇਹ ਹੈ ਸਾਨੂੰ ਕੱਲ ਨੂੰ ਜਾਣ ਵਾਸਤੇ ਇਕ ਗੱਡੀ ਕਰਾਏ ਤੇ ਕਰਾ  ਦਿਉ ਜਾਂ ਹੋਰ ਕਿਸੇ ਤਰਾਂ ਪ੍ਰਬੰਧ ਕਰ ਦਿਉ।ਅਸੀਂ ਕੋਈ ਦੋਆਂ ਦੀ ਵਗਾਰ ਨਹੀਂ ਪਾਉਂਦੇ ਇਕ ਵੱਡੀ ਸਕਾਰਪੀਉ ਨਾਲ ਹੀ ਸਾਰਾ ਕੁਛ ਸਰ ਜੂ । ਤਿੰਨ  ਸਾਢੇ ਤਿੰਨ ਹਜ਼ਾਰ ਦੀ ਗੱਲ ਐ ਵੱਡੇ ਤੜਕੇ ਫੁੱਲ ਲੈਕੇ ਤੁਰ ਪੈਣਗੇ ਆਥਣ ਨੂੰ ਗੱਡੀ ਵਾਪਸ ਹੋ ਜੂ -।

ਮੋਠੂਆ! ਗੱਲਾਂ ਤਾਂ ਬਹੁਤ ਆਂ ਪਰ ਆਹ ਗੱਲ ਜਰੂਰ ਸੁਣ  - ਕਿਸੇ ਪਿੰਡ ਦਾ ਪੰਚ …. ਪੰਜਾਂ ਚਾਰਾ ਬੰਦਿਆਂ ਦਾ ਵਫਦ ਜੇਹਾ ਬਣਾ ਕੇ  ਚੋਣ ਦਫਤਰ ਚਲਾ ਗਿਆ ਤੇ  ਫਰਿਆਦ ਕੀਤੀ – ਬੱਚਿਆਂ ਵਾਲਿਉ ਟੈਮ ਥੋਡੇ ਕੋਲ ਵੀ ਬਹੁਤ ਥੋੜਾ ਤੇ ਸਾਡੇ ਕੋਲ ਵੀ ਹੈ ਨੀ  -ਗੱਲ ਇਉਂ ਹੈ ਜੀ ਬਈ ਸਾਡੇ ਗਰੀਬਾਂ ਦੇ ਜੁਆਕ ਪਿੰਡਾਂ 'ਚ  ਦੇਸੀ ਦਾਈਆਂ ਦੇ ਹੱਥੀ ਹੁੰਦੇ ਆ ।ਐਂਤਕੀ ਪਹਿਲੀ ਵਾਰ ਹੋਇਆ ਕਿ ਬੋਘੇ (ਫਰਜ਼ੀ ਨਾਂ ) ਦੀ  ਨੂੰਹ ਨੁੰ ਸ਼ਹਿਰ 'ਚ ਪਰਾਈਵੇਟ ਦੇ ਹਥਪਤਾਲ ਦਾਖਲ ਕਰਾਉਣਾ ਪਿਆ। ਪਹਿਲਾਂ ਤਾਂ ਤਿੰਨ ਚਾਰ ਘਰੇ ਹੀ ਹੋ ਗਏ ਸੀ ।ਸਰਕਾਰੀ ਹਸਪਤਾਲ ਵਿੱਚ ਜੇ ਗੱਲ ਬਣਦੀ ਹੁੰਦੀ ਤਾਂ ਉਥੇ ਦਾਖਲ ਕਰਵਾ ਦੇਣੀ ਸੀ ।ਪਰ ਕੀ ਕਰਦਾ  ਕੇਸ ਬਾਹਲਾ ਹੀ ਖਰਾਬ ਸੀ ।ਜਨਾਬ ਜੁਆਕ ਵੱਡੇ ਅਪਰੇਸ਼ਨ ਨਾਲ ਹੋਇਆ। ਪਰਸੌਂ ਉਸ ਦਾ ਬਿੱਲ ਤਾਰਨਾ ਇਹ ਦੇ  'ਚ  ਐਨੀ ਪਹੁੰਚ ਹੈ ਨਹੀਂ ।ਪੱਚੀ ਹਜ਼ਾਰ ਬਹੁਤ ਹੁੰਦਾ ਅਸੀਂ ਤਾਂ ਤੇਰਵਾਂ ਮੀਨ੍ਹਾਂ ਹੈਗਾ ਰਲ  ਕੇ ਵੀ ਨਹੀਂ ਦੇ ਸਕਦੇ।ਸਾਡੀਆਂ ਤੇ ਇਸ ਦੀਆਂ ਰਲਾ ਕੇ ਜੋ ਵੋਟਾਂ ਹੈਗੀਆਂ ਸੁਕੀ ਲੱਕੜ ਤੇ ਹੱਥ ਰੱਖ ਕੇ ਆਖਦਾਂ ਸਾਰੀਆਂ ਇਕ ਮੋਰੀ ਥੋਨੂੰ ਭੁਗਤ ਜਾਣਗੀਆਂ  ।ਥੋਡੇ ਤੋਂ ਲੁਕੋ ਕੀ ਰੱਖਣਾ … ਗਏ ਅਸੀਂ ਗਏ ਦੂਜੀ ਪਾਰਟੀ ਕੋਲ ਵੀ ਸੀ ਬਈ ਉਨਾਂ ਦਾ ਮੂੰਹ ਤਾਂ ਸੁੰਘੀਏ ।ਉਨਾਂ ਨੇ ਸਾਨੂੰ ਹਾਂ ਕਰ ਦਿੱਤੀ ਹੈ । ਪਰ ਸਾਡੀ ਵਚਾਰ ਹੈ ਪਹਿਲਾਂ ਤੋਂ ਥੋਡੀ ਪਾਰਟੀ ਨਾਲ ਜੁੜੇ ਤੁਰੇ ਆਉਂਦੇ ਹਾਂ  ਹੁਣ ਲੀਹ ਕਿਉਂ ਬਦਲਣੀ ਹੈ । ਜੇ ਥੋਨੂੰ ਗੱਲ ਪੁਗਦੀ ਲਗਦੀ ਐ ਤਾਂ ਆਹ ਟੈਲੀਫੋਨ ਨੰਬਰ ਹੈ ਡਾਕਦਰ ਦਾ …ਹਸਪਤਾਲ ਡਾਕਦਾਰ ਨਾਲ ਸਿੱਧੀ ਗੱਲ ਕਰਲੋ ਗੱਲਕਰ ਲੋ ਤੇ ਸਾਨੂੰ ਚਿੱਟ ਲਿਖ ਦਿਉ ।ਵੋਟਾਂ ਇਕ ਮੁਠ ਥੋਨੂੰ ਈ ਪੈਣਗੀਆਂ । ਵੱਡੇ ਅਪਰੇਸ਼ਸ਼ਨ ਨਾਲ ਜੁਆਕ ਜੇਹਾ ਹੋਣ ਕਰਕੇ ਪੂਰੇ ਦਸ ਟਾਂਕੇ ਲੱਗੇ ਆ ਇਸ ਕਰਕੇ  ਦੱਬਾ ਜੇਹਾ ਆ ਗਿਆ ਨਹੀਂ ਵੋਟਾਂ ਤਾਂ ਊਂ ਈ ਪਾ ਹੀ ਦੇਣੀਆ ਸੀ ।

ਮੋਠੂ ਮਲੰਗਾ ! ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਲੱਗਿਆ ਬਈ ਚੋਣ ਕਮਿਸ਼ਨ ਜਿੰਨੇ ਮਰਜ਼ੀ ਵਟੇ ਚਾੜ੍ਹੀ ਜਾਵੇ  ਦਾਰੂਆਂ ਤੇ ਪੈਸੇ ਵੰਡਣ ਤੇ ਰੋਕਾਂ ਲਾ ਕੇ ਵੱਡੇ ਤਂੋਂ ਵੱਡੇ ਸਿਕੰਜੇ ਕੱਸੀ ਜਾਵੇ ਪਰ ਲੋਕਾਂ ਨੇ ਹੇਰ ਫੇਰ ਕਰਨ ਦੇ ਹੋਰ ਸੋ ਢੰਗ ਕੱਢ ਹੀ ਲੈਂਣੇ ।ਜਿੰਨਾਂ ਚਿਰ ਲੋਕਾਂ ਦੀ ਮਾਨਸਿਕਤਾ ਨਹੀਂ ਬਦਲਦੀ ਉਨਾਂ ਚਿਰ ਡਾਢੇ ਲੁਟਦੇ ਰਹਿਣਗੇ ਖਲਕਤ ਲੁਟਾਂਉਂਦੀ ਰਹੂਗੀ ।

 

Last modified on Tuesday, 14 February 2012 20:29
Amandeep Singh Sidhu

Amandeep Singh Sidhu

E-mail: This e-mail address is being protected from spambots. You need JavaScript enabled to view it

Add comment


Events

This month

Next Month

Recent events