ਕੱਚੇ ਕੋਠੇ ਦੀਆਂ ਨੀਹਾਂ ਖੁਰਦੀਆਂ ਖੁਰਦੀਆਂ ਜਦ ਕੰਧਾਂ ਦਾ ਬੋਝ ਨਾ ਸੰਭਾਲ ਸਕੀਆਂ ਅਤੇ ਨੰਗੇ ਹੋ ਚੁੱਕੇ ਕਾਨਿਆਂ ਵਾਲੀ ਛੱਤ ਵਿਚਦੀ ਜਦ ਵਿਰਲਾਂ ਦਿਸਣ ਲੱਗ ਪਈਆਂ ਤਾ ਬਿਰਜੂ ਨੇ ਆਵਦੀ ਮੰਜੀ ਉਥੌਂ ਚੁੱਕ ਲਈ ਤੇ ਮੀਰਾਬਾਂ ਦੇ ਦਲਾਨ 'ਚ ਬਣੀ ਪੁਰਾਣੀ ਜੇਹੀ ਕੋਠੜੀ ਵਿੱਚ ਡਾਹ ਲਈ ।ਮਾਂ ਪਿਉ ਛੋਟੀ ਉਮਰ ਵਿੱਚ ਮਰ ਗਏ ਸਨ ।ਉਸ ਦੇ ਰੰਨ ਨਹੀਂ ਸੀ ਕੰਨ ਨਹੀਂ ਸੀ ; ਸਾਰੀ ਉਮਰ ਆਪ ਚੁੱਲਾ ਤਪਾ ਕੇ ਪੇਟ ਦੀ ਭੁੱਖ ਦੂਰ ਕਰਨ ਲਈ ਹੱਥ ਸਾੜੇ ਤੇ ਰੋਟੀਆਂ ਲਾਹੀਆਂ ।ਪਿਉ ਦਾਦੇ ਵੱਲੋਂ ਆਈ ਜੋ ਥੋੜੀ ਜੇਹੀ ਜ਼ਮੀਨ ਸੀ ਉਹੋ ਪਹਿਲੀ ਉਮਰ ਵਿੱਚ ਹੀ ਬਿਲੇ ਲੱਗ ਗਈ ।ਉਸ ਦੇ ਨਾਲ ਲੱਗਦੀ ਵੱਟ ਵਾਲਿਆਂ ਨੇ ਵਾਧੇ ਘਾਟੇ ਕਰਕੇ ਨਾਲ ਰਲਾ ਲਈ ਸੀ । ਉਸ ਦਾ ਮੀਰਾਬਾਂ ਦੇ ਦਲਾਨ ਵਾਲੀ ਬੇਠਕ ਵਿੱਚ ਪੱਕਾ ਸਿਰ ਢਕਾ ਹੋ ਗਿਆ ਸੀ ਤੇ ਮੀਰਾਬਾਂ ਨੂਮ ਕੀ ਮਾੜਾ ਉਨਾਂ੍ਹ ਨੂੰ ੂੰ ਮੁਫਤ ਵਿੱਚ ਸਿਰਫ ਦੋ ਵੇਲੇ ਦੀ ਚਾਹ ਰੋਟੀ ਬਦਲੇ ਸਾਲਮ ਬੰਦਾ ਮਿਲ ਗਿਆ ਸੀ ।ਬਿਰਜੂ ਚਾਹੇ ਜ਼ਿੰਦਗੀ ਦਾ ਲੰਬਾ ਪੈਂਡਾ ਤਹਿ ਕਰ ਚੁੱਕਾ ਸੀ ਫੇਰ ਵੀ ਡਿਗਦਾ ਢਹਿੰਦਾ ਪੱਠੇ ਕੁਤਰਾ ਦਿੰਦਾ , ਰੁੱਗ ਲਾਉਂਦਾ ਅੱਧੇ ਦਿਹਾੜੀਏ ਜਿੰਨੀ ਹੱਥ ਪੜੱਥੀ ਪੁਆ ਦਿੰਦਾ ਸੀ ।
ਬਿਰਜੂ ਦਿਨ ਚੜ੍ਹਨ ਸਾਰ ਚਾਹ ਦੀ ਬਾਟੀ ਪੀ ਕੇ ਤੇ ਮੁਦਤਾਂ ਤੋਂ ਆਪਣੀ ਸਾਂਭ ਕੇ ਰੱਖੀ ਆਰੀ ਦੇ ਦੰਦਿਆਂ ਵਾਲੀ ਦਾਤਰੀ ਚੁੱਕ ਲੈਂਦਾ ਤੇ ਖੇਤ ਨੂੰ ਪੱਠੇ ਲੈਣ ਈ ਜਾਂਦੇ ਗੱਡੇ ਦੇ ਪਿਛੇ ਬੈਠ ਜਾਦਾਂ ।ਸੀਰੀਆਂ ਦੇ ਨਾਲ ਲੱਗ ਕੇ ਬਰਸੀਮ ਚਾਰਾ ਵੱਢਾਉਂਦਾ ਤੇ ਘਰੇ ਸੁਟਾ ਕੇ ਫਿਰ ਉਹ ਚਾਹਾਂ ਵੇਲੇ ਤੀਕ ਵੇਹਲਾ ਟਾਈਮ ਧਰਮਸਾਲਾ ਵਾਲੇ ਬੋਹੜ ਥੱਲੇ ਹੀ ਬਿਤਾਉਂਦਾ । ਉਸਨੂੰ ਵੱਡੇ ਛੋਟੇ ਨਾਲ ਖੇਡਣ ਵੇਲੇ ਕੋਈ ਵਾਧਾ ਵੱਟਾ ਨਹੀਂ ਸੀ। ਉਹ ਛੋਟੀ ਉਮਰ ਦੇ ਖੇਡ ਰਹੇ ਜੁਆਕਾਂ ਵਿਚ ਵੀ ਫਸ ਕੇ ਬੈਠ ਜਾਂਦਾ ਤੇ ਉਨ੍ਹਾਂ ਨਾਲ ਖੇਡਣ ਲੱਗ ਜਾਂਦਾ । ਸਿਆਲਾਂ 'ਚ ਉਹ ਆਪਣੇ ਦਾਦੇ ਦੀ ਦੂਜੇ ਵਿਸ਼ਵ ਯੁੱਧ ਵੇਲੇ ਦੀ ਲੰਮੀ ਸਾਰੀ ਬਰਾਂਡੀ ਕੱਢ ਕੇ ਪਹਿਨ ਲੈਂਦਾ ।ਜਦ ਉਹ ਹੰਝਕਾ ਜੇਹਾ ਮਾਰਕੇ ਤੁਰਦਾ ਤਾਂ ਜ੍ਹੇਬ 'ਚ ਪਾਏੇ ਕੱਚ ਬੰਟੇ ਖੜਕਦੇ । ਉਹ ਜੇਹੋ ਜੇਹੀ ਢਾਣੀ ਵੇਖਦਾ ਜੋ ਉਹ ਖੇਢਦੇ ਹੁੰਦੇ ਉਨਾਂ ਵਿੱਚ ਮੱਲੋਮੱਲੀ ਘੁਸ ਜਾਂਦਾ ਤੇ ਉਹੀ ਖੇਡ ਖੇਡਣ ਲੱਗ ਜਾਂਦਾ ।ਉਸ ਦੇ ਘਸਮੈਲੇ ਕੁੜਤੇ ਵਰਗੀ ਹਮੇਸ਼ਾ ਉਸ ਕੋਲ ਇਕ ਮੈਲੀ ਜੇਹੀ ਤਾਸ਼ ਹੁੰਦੀ; ਉਹ ਬੋਰੀ ਵਿਛਾ ਡੇਰਾ ਜਮਾ ਲੈਂਦਾ ।ਜੇ ਕੋਈ ਆਖਦਾ ਪਰੇਲ ਖੇਡਣੀ ਹੈ ਤਾਂ ਉਹ ਪਰੇਲ ਖੇਡਣ ਲੱਗ ਪੈਂਦਾ ।ਜੇ ਨਾਲ ਦੇ ਆਖਦੇ ਸਰਾਂ ਮੰਨਣ ਖੇਡਣਾ , ਤਿੱਲੜੀਆਂ ਬਣਾਉਣ ਖੇਡਣਾ ਜਾਂ ਤਿੰਨ-ਦੋ-ਪੰਜ ਉਹ ਹਾਂ ਕਰਕੇ ਤਾਸ਼ ਸਿੱਟ ਕੇ ਪੱਤੇ ਵੰਡਣ ਲੱਗ ਪੈਂਦਾ । ਖੇਡਣ ਵੇਲੇ ਜਦੋਂ ਸੋਹਣੇ ਪੱਤੇ ਲੱਗ ਜਾਂਦੇ ਤਾਂ ਉਹ ਬਹੁਤ ਮਸ਼ਕੂਲੇ ਕਰਦਾ ।ਉਸ ਨੂੰ ਵੇਖ ਕੇ ਲਗਦਾ ਇਹ ਕਿਸ ਮਿੱਟੀ ਬਣਿਆ ਹੈ ਇਸ ਨੂੰ ਦੁਨੀਆਂ ਵਿੱਚ ਕੋਈ ਫਿਕਰ ਹੈ ਨੀ ।
ਉਹ ਕਦੇ ਕਦੇ ਬੇਪਰਵਾਹੀਆ ਦੇ ਆਲਮ 'ਚ ਪਹੁੰਚ ਕੇ ਬਹੁਤ ਹੀ ਲੁਭਾਵਣੇ ਬੋਲ ਬੋਲਦਾ । ਤਾਸ਼ ਖੇਡਦੇ ਹੋਇਆਂ ਜਦ ਕਿਸੇ ਨੇ ਵਿਚ ਦੀ ਕਹਿ ਦੇਣਾ- ਤਾਇਆ ਸਰ ਨਾ ਚੁਕ ਕੇ ਲੈ ਜੇ- ਤਾਂ ਉਸ ਨੇ ਫਬਾ ਕੇ ਰੰਗ ਦਾ ਪੱਤਾ ਲਾਉਣਾ ਤੇ ਆਪਣੇ ਅੰਦਾਜ਼ ਜਦ ਆਹ ਫਿਕਰਾ ਆਖਣਾ ,"ਆਜੂ ਨੂੰ ਕੀ ਰੋਨੀ ਏ ਬਾਜੂ ਨੂੰ ਵੀ ਰੋਏਂਗੀ " ਸੁਣ ਕੇ ਪਾਸੇ ਬੈਠੇ ਬੰਦਿਆਂ ਦੇ ਮੂੰਹਾਂ 'ਤੇ ਮੁਸਕਰਾਹਟ ਆ ਜਾਣੀ ।
ਮੋਠੂ ਮਲੰਗਾ ! ਸੀਪ ਖੇਡਣ ਵੇਲੇ ਕੋਈ ਵੀ ਬਿਰਜੂ ਦਾ ਸਾਥੀ ਬਣਨ ਲਈ ਰਾਜ਼ੀ ਨਹੀਂ ਸੀ ਹੁੰਦਾ।ਕਿਸੇ ਤੋਂ ਮਾੜੀ ਮੋਟੀ ਗਲਤੀ ਹੋਈ ਨਹੀਂ ਜਾਣੋ ਇਸ ਨੇ ਵਿਸ਼ੇਸ ਵਿਸ਼ੇਸਣ ਲਾ ਲਾ ਕੇ ਗਾਲ਼ਾਂ ਦੀ ਐਸੀ ਵਾਛੜ ਕਰਨੀ - ਓਏ ਪੋਪਲ ਦਿਆ ਪੋਪਲਾ ਸਾਰੇ ਰੰਗ ਦੇ ਪੱਤੇ ਪੁਆਈ ਜਾਨੈ ; ਦਿਸਦਾ ਨੀ ਗਿੱਡ ਪੂੰਝ ਕੇ ਖੇਡ ਗਿੱਡ ਪੂੰਜ ਕੇ ਖੇਡ।ਤੇ ਉਸ ਨੇ ਕਈ ਵਾਰ ਆਖਣਾ -- ਓਏ ਤੇਰੀਆਂ ਅੱਖਾਂ ਕੇ ਭੂੰਡ ਦੇ ਭਰਵੱਟੇ , ਤੈਥੋਂ ਬਾਦਸ਼੍ਹਾ ਉਤੇ ਨਹੀਂ ਸੀ ਭਰੀ ਦਾ – ਉਏ ਨਾਸਲਾ ਉਏ ਨਾਸਲਾ ਦੋ ਗੋਲੇ ਪਹਿਲਾਂ ਨਿਕਲ ਗਏ , ਇਕ ਤੇਰੇ ਕੋਲ ਇਕ ਮੇਰੇ ਕੋਲ ਤੇਰਾ ਪਿਓ ਗੋਲਾ ਫੈਨਲ ਹੋ ਗਿਆ ਸੀ; ਫੋਕੇ ਪੱਤੇ ਚੁੱਕ ਕੇ ਬਹਿ ਗਿਆਂ ;ਤੁਖਮਾਂ ! ਹੁਣ ਬਣਾ ਲਵੀਂ ਪੱਤੇ ।" ਸੁਣ ਕੇ ਗਲਤੀ ਕਰਨ ਵਾਲਾ ਠਿੱਠ ਹੋਇਆ ਮੁੰਹ ਉਪਰ ਚੁੱਕਣ ਜੋਗਾ ਨਾ ਰਹਿੰਦਾ । ਜੇ ਕਿਤੇ ਕਿਸੇ ਨੇ ਪਾਸਿਓਂ ਮਸ਼ਵਰਾ ਦਿਮਦੇ ਹੋਏ ਆਖ ਦੇਣਾ -ਬਈ ਆਹ ਪੱਤਾ ਸਿੱਟ ਜਾਂ ਆਹ ਢੇਰੀ ਬੰਨ੍ਹ ਦੇ ਤਾਂ ਉਸ ਨੇ ਕੌੜਾ ਜੇਹਾ ਝਾਕ ਕੇ ਤੇ ਬੋਲਾਂ ਅੱਧੇ ਅੱਖਰ ਖਾ ਕੇ ਐਸੀ ਭਿਆਨਕ ਗਾਲ ਛੱਡਣੀ - ਉਏ ਚੁੱਚਲਾ ਟਿਕ ਕੇ ਬੈਹਜਾ ਹੋਰ ਨਾ ਮੇਰੇ ਕੋਲੋਂ ਦਾਖੂ ਦਾਣਾ ਲੈ ਲੀਂ । ਜੇ ਕਿਸੇ ਨੇ ਨੰਬਰ ਗਿਣਨ ਪਿੱਛੋਂ ਜਾਣਕੇ ਵੱਧ ਨੰਬਰ ਦੱਸ ਦੇਣੇ ਤਾਂ ਉਸ ਨੇ ਅਲੰਕਾਰੀ ਗਾਲ ਦੇ ਨਾਲ -ਲੈ ਜੇ ਉਏ ਭਜਾ ਕੇ ਥੋਡੀ ਬੁਰੜੀ ਨੂੰ ਬਾਬਾ ਬੋਘ ਸਿੰਹੁ । ਜੇ ਕਿਸੇ ਨੇ ਆਖ ਦੇਣਾ ਤਾਇਆ ਫਲਾਨਾ ਤੇਰੇ ਆੜੀ ਦੇ ਪੱਤੇ ਵੇਖੀ ਜਾਦੈਂ , ਤਾਂ ਉਸਨੇ ਕੱਕੇ ਤੇ ਬਿਨਾ ਅੱਧਕ ਲਗਾਇਆਂ ਗੀਗਾ ਜੇਹਾ ਬਣਕੇ , "ਹੈਅ ਕੁਤੇ ਦਿਆ ਪੁਤਰਾ . ਬੈਠ ਜਾ ਉਏ ਪਿਛਾਂਹ ਹੋਕੇ ; ਕੁਤਿਆ ਹੋਰ ਨਾ ਕੋਈ ਬਚਨ ਸੁਣ ਲੀਂ -।ਫਿਰ ਉਸ ਵੇਲੇ ਤਾਂ ਹਾਸੇ ਹੀ ਮੱਚ ਉਠਦੇ ਜਦੋਂ ਮੰਡੀਰ ਆਖਦੀ ਤਾਇਆ - ਸੁੱਕਾ ਨਾ ਨਿਕਲਜੇ ਲਾਦੇ ਸੀਪ ।ਤਾਂ ਬਿਰਜੂ ਨੇ ਜ਼ੋਰ ਨਾਲ ਪੱਤਾ ਮਾਰਨਾ ਤੇ ਸਾਰੇ ਪੱਤੇ ਥੱਲੇ ਬੋਰੀ ਤੇ ਰੱਖ ਕੇ ਇਕ ਹੱਥ ਕੂਹਣੀ ਦੇ ਹੇਠ ਕਰਕੇ ਤੇ ਦੂਜੇ ਹੱਥ ਨਾਲ ਫੰਨ ਜੇਹਾ ਬਣਾ ਕੇ ਅਗਲੇ ਦੀਆਂ ਅੱਖਾਂ ਚ ਉਗਲਾਂ ਮਾਰਨ ਤਾਂਈ ਜਾਂਣਾ ਤੇ ਮੂੰਹੋਂ ਉਹੀ ਤਕੀਆ ਕਲਾਮ ਦੁਹਰਾਉਂਦੇ ਹੋਏ -ਆਜੂ ਨੂੰ ਕੀ ਰੋਨੀ ਏਂ ਬਾਜੂ ਨੰ ਵੀ ਰੋਂਏਗੀ ।ਆਜੂ ਨੂੰ ਕੀ ਰੋਨੀ ਏਂ ਬਾਜੂ ਨੰ ਵੀ ਰੋਂਏਗੀ ।
ਮੋਠੂਆ! ਭਾਵੇ ਉਸਦੇ ਬੋਲਾਂ ਵਿਚ ਕਿੰਨਾ ਵੀ ਰੁੱਖਾਪਣ ਸੀ ਚਾਹੇ ਉਹ ਕਿਸੇ ਦੀ ਧਰੀ ਧਰਾਈ ਨਹੀਂ ਸੀ ਰਹਿਣ ਦਿੰਦਾ ਫੇਰ ਵੀ ਲੋਕੀਂ ਉਸਦੀਆਂ ਗੱਲਾਂ ਦਾ ਗੁੱਸਾ ਨਹੀਂ ਸੀ ਕਰਦੇ । ਉਸਦੀ ਸੱਤਰੀ ਬਹੱਤਰੀ ਉਮਰ 'ਚ ਕੱਢੀ ਭੈੜੀ ਤੋਂ ਭੈੜੀ ਗਾਲ ਵੀ ਅਸ਼ਲੀਲ ਨਾ ਲੱਗਦੀ ;ਸਗੋਂ ਉਹ ਰੌਣਕੀ ਜੇਹਾ ਲੱਗਦਾ , ਤੇ ਉਸ ਦੀ ਗੱਲ ਹਾਸੇ 'ਚ ਪੈ ਜਾਇਆ ਕਰਦੀ। ਕਈਆਂ ਨੇ ਉਸ ਨੂੰ ਬਹੁਤ ਵਾਰ ਪੁੱਛਿਆ ਤਾਇਆ ,ਆਹ ਜੋ ਤੂੰ ਲੋਰ ਜੇਹੀ 'ਚ aਾਕੇ ਆਜੂ ਬਾਜੂ ਵਾਲੀ ਕੀ ਗੱਲ ਕਰਦਾ ਹੁੰਨਾਂ ਇਸ ਦਾ ਮਤਲਬ ਕੀ ਐ ੈ? ਪਰ ਉਹ ਉਹ ਹਰ ਵਾਰੀਂ ਗੱਲ ਨੂੰ ਅਣਸੁਣੀ ਕਰਕੇ ਟਾਲ ਦਿੰਦਾ ।
ਤੇ ਫਿਰ ਨਾ ਬਈ ਇਕ ਸਿਆਲ ਦੀ ਬਹੁਤ ਹੀ ਠਾਰੀ ਵਾਲੀ ਰਾਤ ਆਈ।ਬਿਰਜੂ ਮੰਜੇ ਤੇ ਪੈ ਗਿਆ ਸੀ ।ਪਿੰਡ ਵਾਲੇ ਡਾਕਟਰ ਨੇ ਡਾਕਟਰ ਨੇ ਟੁਟੀਆਂ ਜੇਹੀਆਂ ਲਾ ਕੇ ਵੇਖ ਕੇ ਆਖਿਆ - ਇਸ ਨੂੰ ਡਬਲ ਨਮੂਨੀਆ ਹੋ ਗਿਆ ; ਛੇਤੀ ਤੋ ਛੇਤੀ ਸ਼ਹਿਰ ਲੈ ਜੋ ।ਪਰ ਲੈ ਕੇ ਜਾਣ ਵਾਲਾ ਤੇ ਖਰਚਾ ਕਰਨ ਵਾਲਾ ਕੋਈ ਹੈ ਹੀ ਨਹੀਂ ਸੀ ਤੇ ਉਸ ਨੂੰ ਕੋਈ ਵੀ ਸ਼ਹਿਰ ਚੰਗੇ ਡਾਕਟਰ ਕੋਲ ਕੋਈ ਵੀ ਲੈ ਕੇ ਨਹੀਂ ਗਿਆਂ।ਉਹ ਖੰਘਦਾ ਪਲਚਦਾ ਘਰੜਦਾ ਤੜਕੇ ਨੂੰ ਪੂਰਾ ਹੋ ਗਿਆ ।ਉਹ ਚਲ ਵਸਿਆ ਤਾਂ ਉਸ ਦੀ ਕੱਚੀ ਕੋਠੜੀ 'ਚ ਪਏ ਨਿਜੀ ਸਮਾਨ ਦੀ ਫਰੋਲਾ ਫਰੋਲੀ ਕੀਤੀ ਗਈ ।ਸਮਾਨ ਵਿਚਾਰੇ ਕੋਲ ਕੀ ਹੋਣਾ ਸੀ ਉਸ ਕੋਲ ਇਕ ਮੈਲਾ, ਚਿੱਬਾ ਬਦਰੰਗ ਛੋਟਾ ਜੇਹਾ ਇਕ ਟਰੰਕ ਸੀ । ਉਸ ਨੂੰ ਖੋਲ੍ਹ ਕੇ ਵੇਖਿਆ ਤਾਂ ਉਸ ਵਿਚੋਂ ਇਕ ਘਸਿਆ ਹੋਇਆ ਕੌਰਵਾਂ ਪਾਂਡਵਾਂ ਦੀ ਖੇਡ ਵਾਲਾ ਪਾਸਾ(ਪਾਸ਼ਾ) ਨਿਕਲਿਆ, ਤੇਂ ਪੰੰਦਰਾਂ ਵੀਹ ਡੀਟੇ ਨਰਦਾਂ ਜੇਹੀਆਂ ਨਿਕਲੀਆਂ । ਤਿੰਨ ਕੁ ਲੱਕੜ ਦੇ ਸਿਰ ਵੌਹਣ ਵਾਲੇ ਕੰਘੇ ਤੇ ਮੋਰੀ ਵਾਲੇ ਥੋੜੇ ਜੇਹੇ ਪੁਰਾਣੇ ਪੈਸੇ ਨਿਕਲੇ। ਕੌਡੇ ਕੌਡੀਆਂ ਤੇ ਛੀ ਸੱਤ ਬਾਹਲੀਆਂ ਹੀ ਪੁਰਾਣੀਆਂ ਲੋਗੜ ਬਣੀਆਂ ਹਿਰਨਾਂ ਘੋੜਿਆਂ ਵਾਲੀਆਂ ਤਾਸਾਂ ਨਿਕਲੀਆਂ ਜੋ ਘਸ ਘਸ ਕੇ ਖੇਡਣ ਜੋਗੀਆਂ ਨਹੀਂ ਸੀ ਰਹੀਆਂ। ਬਿਰਜੂ ਦੇ ਬਿਤਾਏ ਹੋਏ ਦਿਨਾਂ ਦੀ ਇਹ ਹੀ ਸਾਰੀ ਜਮਾਂ ਪੂੰਜੀ ਨਿਕਲੀ।
ਜਦ ਉਸ ਦਾ ਸਸਕਾਰ ਕਰਨ ਲਈ ਸਿਵਿਆਂ ਵੱਲ ਜਾ ਰਹੇ ਸਨ ਤਾਂ ਇਕ ਬਜ਼ੁਰਗ ਦੱਸ ਰਿਹਾ ਸੀ ਬਈ - ਅਰਜਣ ਤੇ ਇਹ ਮਰਨ ਵਾਲਾ ਬਿਰਜੂ ਸਕੇ ਭਰਾ ਸੀ।ਅਰਜਣ ਗਭਰੂ ਉਮਰ 'ਚ ਮਰ ਗਿਆ ਸੀ । ਮਰਨ ਪਿੱਛੋ ਜਦੋਂ ਉਸ ਦੀ ਮਾਂ ਉਸ ਨੂੰ ਚੇਤੇ ਕਰਦੀ ਹੋਈ ਰੋਇਆ ਕਰਦੀ ਤਾਂ ਇਹ ਬਿਰਜੂ ਉਸ ਵੇਲੇ ਉਸ ਰੋਦੀਂ ਹੋਈ ਨੂੰ ਵਰਾਉਣ ਦੀ ਬਜਾਏ ," ਆਜੂ ਨੂੰ ਕੀ ਰੋਨੀ ਐ ਬਾਜੂ ਨੂੰ ਵੀ ਰੋਵੇਂਗੀ " ਭਾਵ ਇਕ ਦਿਨ ਜਦ ਮੈਂ ਵੀ ਤੁਰ ਗਿਆ ਤਾਂ ਤੂੰ ਮੈਨੂੰ ਵੀ ਚੇਤੇ ਕਰਕੇ ਰੋਇਆ ਕਰੇਂਗੀ ;ਤੇ ਉਹ ਚਾਅਮ ਪਿਆ ਜਾਣਕੇ ਇਉਂ ਕਹਿ ਕੇ ਮਾਂ ਨੂੰ ਹੋਰ ਰੁਆ ਦਿੰਦਾ ।ਜਦ ਉਸ ਬਜ਼ੁਰਗ ਇਹ ਰਹੱਸ ਭੇਦ ਦੱਸਿਆ ਤਾਂ ਲੱਗਿਆ ਉਦੋਂ ਤਾਂ ਸੁਣ ਕੇ ਉਸ ਦੀ ਮਾਂ ਹੀ ਰੋਇਆ ਕਰਦੀ ਸੀ ਪਰ ਉਸ ਦਿਨ ਜਦ ਉਸ ਦੀ ਅਰਥੀ ਲਿਜਾਈ ਜਾ ਰਹੀ ਸੀ ਤਾਂ ਸਾਰੇ ਦੇ ਸਾਰੇ ਪਿੰਡ ਦੀਆਂ ਅੱਖਾਂ ਵਿੱਚ ਰੋਣ ਸੀ । ਕਿਉਂਕਿ ਇਹ ਬਹੁਤ ਹੀ ਵੱਡੇ ਵਿਛੋੜੇ ਦਾ ਰੋਣ ਸੀ ਕਿਉਂਕੇ ਬੋਹੜ ਹੇਠੋਂ ਰੌਣਕਾਂ ਲਾਉਣ ਵਾਲੀ ਬਹੁਤ ਹੀ ਪਿਆਰੀ ਰੂਹ ਸਦਾ ਲਈ ਟੁਰ ਗਈ ਸੀ ; ਕਿਉਂਕੇ ਅੱਗੇ ਤੋਂ ਜ਼ੋਰ ਨਾਲ ਪੱਤਾ ਮਾਰਕੇ ਤੇ ਸਾਰੇ ਪੱਤੇ ਥੱਲੇ ਬੋਰੀ ਤੇ ਰੱਖ ਕੇ ਹੱਥ ਦਾ ਫੰਨ ਜੇਹਾ ਬਣਾ ਕੇ ਅਗਲੇ ਦੀਆਂ ਅੱਖਾਂ ਚ ਉਗਲਾਂ ਮਾਰਦੇ ਹੋਏ -ਆਜੂ ਨੂੰ ਕੀ ਰੋਨੀ ਏਂ ਬਾਜੂ ਨੰ ਵੀ ਰੋਂਏਗੀ ।ਆਜੂ ਨੂੰ ਕੀ ਰੋਨੀ ਏਂ ਬਾਜੂ ਨੰ ਵੀ ਰੋਂਏਗੀ ।ਕਿਉਂਕੇ ਇਉਂ ਤਾਂ ਕਿਸੇ ਨੇ ਮੁੜ ਕੇ ਕਹਿਣਾ ਹੀ ਨਹੀਂ ਸੀ।
#####
Rishi Gulati
Mintu Brar
Gagan Hans
Dalvir Halwarvi
Gajjanwala Sukhminder
Amrik Singh Phalora
Dr. Paramvir Singh




ਅੱਜਕੱਲ ਜਦ ਮੈਂ ਆਹ ਗੀਤ ਸੁਣਦਾ ਹਾਂ - ਜਾਗਰਾ ਲਾ ਸੀਪ ਦੀ ਬਾਜ਼ੀ ਉਏ ਸੱਥਾਂ ਖਾਲੀ ਹੋ ਚੱਲੀਆਂ- ਤਾਂ ਗੀਤ ਦੇ ਮੁਖੜੇ ਨੂੰ ਸੁਣ ਕੇ ਮੈਂਨੂੰ ਪਿੰਡ ਦੇ ਬਹੁਤ ਹੀ ਪਿਆਰੇ ਕਰੈਕਟਰ ਬਿਰਜੂ ਦੀ ਯਾਦ ਚੇਤੇ ਆ ਜਾਂਦੀ ਹੈ ।ਤੇ ਮੈਨੂੰ ਕਦੇ ਕਦੇ ਐਂ ਲੱਗਣ ਲੱਗ ਪੈਂਦਾ ਜਿਵੇਂ ਇਹ ਗੀਤ ਦਾ ਮੁਖੜਾ ਮੇਰੇ ਮੇਰੇ ਪਾਤਰ ਬਿਰਜੂ ਦੀ ਗੱਲ ਕਰ ਰਿਹਾ ਹੋਵੇ ।