ਮੁੰਡੇ ਕਲਪਦੇ ਮਰ ਗਏ ਪਰ ਫੁਫੜ ਦੀ ਹਿੰਡ ਨੇ ਹਰੇਕ ਦਾ ਅੜਾਟ ਕਢਾਈ ਰੱਖਿਆ ।ਸਵੇਰੇ ਚਟਣੀ ਨਾਲ ਆਥਣੇ ਮੂੰਗੀ ਛੋਲਿਆਂ ਦੀ ; ਮੁੱਲ ਦੀ ਗੋਭੀ ਜਾਂ ਟਮਾਟਰ ਦਾ ਤੜਕਾ ਲੱਗੀ ਦਾ ਸਵਾਲ ਹੀ ਨਹੀਂ ਸੀ ।ਕੋਪਤੇ ਕਰੇਲੇ ਤਾਂ ਦੂਰ ਦੀਆਂ ਗੱਲਾਂ ; ਗਰਮੀਆਂ 'ਚ ਕੱਦੂਆਂ 'ਚ ਹੀ ਕੜਛੀ ਵੱਜਦੀ ਰਹੀ ਤੇ ਸਿਆਲਾਂ 'ਚ ਸਾਗ ਵਾਲੀ ਤੌੜੀ ਹਾਰੇ ਤੋਂ ਨਹੀਂ ਲੱਥੀ।ਮਹੌਲ ਐਂ ਬਣਿਆ ਰਿਹਾ ਜਿਵੇਂ ਗਵਰਨਰੀ ਰਾਜ ਚੱਲ ਰਿਹਾ ਹੋਵੇ ਤੇ ਸਾਰੀਆਂ ਪਾਵਰਾਂ ਫੁਫੜ ਕੋਲ ਹੀ ਹੋਣ ;ਕਿਸੇ ਦੀ ਮਜਾਲ ਅੱਗੋਂ ਬਿਰਕ ਜਾਵੇ । ਜੇ ਕਿਸੇ ਨੇ ਸਹੁਰੀਂ ਜਾਂ ਸ਼ਹਿਰ ਦਿਨ ਸੁਧ ਤੇ ਜਾਣਾ ਹੁੰਦਾ ਤਾਂ ਗੋਲਕ ਦਾ ਮਾਲਕ ਫੁਫੜ ਪੈਸੇ ਦੇਣ ਵੇਲੇ ਆੜਤੀਆਂ ਵਾਂਗੂੰ ਗਿਣਤੀਆ ਮਿਣਤੀਆਂ ਕਰਦਾ ਤੇ ਕਿਰਾਏ ਭਾੜੇ ਦਾ ਲੇਖਾ ਜੋਖਾ ਲਾ ਕੇ ਗਰਂੈਡ ਟੋਟਲ ਕਰਕੇ ਨੋਟ ਥੁੱਕ ਲਾ ਲਾ ਕੇ ਕੱਲਾ ਕੱਲਾ ਕਰਕੇ ਕੇ ਦਿੰਦਾ ਕਿਧਰੇ ਕੋਈ ਜੁੜਿਆ ਨਾ ਚਲਾ ਜਾਵੇ ।ਫਿਰ ਵਾਪਸੀ 'ਤੇ ਹਿਸਾਬ ਪੁਛਦਾ ਦੱਸੋ ਕਿਥੇ ਕਿਥੇ ਲਾਏ । ਗੱਲ ਕੀ ਉਸ ਨੇ ਜ਼ਮੀਨ ਦੀ ਵੱਡੀ ਢੇਰੀ ਦੇ ਹੁੰਦਿਆ ਸੁੰਦਿਆਂ ਸਾਰਿਆਂ ਦਾ ਨਾਸੀਂ ਧੂੰਆਂ ਲਿਆ ਛੱਡਿਆ ਸੀ ।ਗੁਲਾਮਾਂ ਵਰਗਾ ਰਹਿਣ ਸਹਿਣ ਬਣਾ ਦਿਤਾ ਸੀ ਕਿਸੇ ਨੂੰ ਪੰਦਰਾਂ ਅਗਸਤ ਆਉਣ ਹੀ ਨਹੀਂ ਸੀ ਦਿੱਤੀ ।
ਇਸ ਤਰਾਂ ਫੁਫੜ ਨੇ ਆਪਣੀ ਕਚੁੰਬਰ ਕੱੱਢ ਨੀਤੀ ਨੂੰ ਜ਼ਾਰੀ ਰੱਖਦੇ ਹੋਏ ਤੜਿੰਗ ਫੜਿੰਗ ਕਰਨ ਵਾਲੇ ਤਿੰਨ ਮੁੰਡੇ ਬੱਸੀ ਦੀ ਜੋੜੀ ਵਾਂਗ ਠੋਕ ਕੇ ਨੌਂ ਕਿਲਿਆਂ ਦੀ ਥਾਂ ਪੰਜ ਪੰਜ ਦੇ ਕੇ ਆਪੋ ਆਪਣੇ ਚੁਲੇ ਤਪਾਉਣ ਲਾ ਤੇ ਸੀ।
ਮੋਠੂ ਮਲੰਗਾ! ਇਕ ਘਰ 'ਚ ਸਾਰੇ ਜੀਅ ਇਕੋ ਜੇਹੇ ਕੂਲ ਸੁਭਾਅ ਵਾਲੇ ਤੇ ਧੌਣ ਨੀਂਵੀ ਕਰਕੇ ਚੱਲਣ ਵਾਲੇ ਨਹੀਂ ਹੁੰਦੇ। ਇਕ ਅੱਧਾ ਡੈਂਟ ਪਾਉਣ ਵਾਲਾ ਉਠ ਹੀ ਖੜਦਾ ਹੁੰਦਾ ਅੱਗੋਂ ਹੀਂਜਰ ਹੀ ਪੈਂਦਾ ਹੁੰਦਾ ।ਨਿਤਰੇ ਪਾਣੀ ਵਿੱਚ ਵੱਟਾ ਮਾਰ ਕੇ ਬੱਕਰਾ ਬੁਲਾ ਹੀ ਦਿੰਦਾ ਹੁੰਦਾ । ਜੇਹੜਾ ਚੌਥੇ ਨੰਬਰ ਵਾਲਾ ਮੁੰਡਾ ਸੀ ਨਾ ਉਹ ਕੁਝ ਬਾਹਲਾ ਹੀ ਲਾਡਲਾ ਜੇਹਾ ਸੀ। ਜਦ ਉਹ ਵਿਆਹਿਆ ਵਰ੍ਹਿਆ ਗਿਆ ਤਾਂ ਉਸ ਨੇ ਘਰ ਦਾ ਸਾਰਾ ਸੀਨ , ਨਕਸ਼ਾ ਹੀ ਬਦਲ ਦਿੱਤਾ।ਜਾਣੋ ਲੱਗੀ ਹੋਈ ਐਮਰਜੈਂਸੀ ਹੀ ਚੁੱਕ ਦਿਤੀ।ਜਾਣੋ ਚਿਰਾਂ ਤੋਂ ਚਲਦਾ ਵਿੱਧ ਭਾਰਤੀ ਟੇਸ਼ਨ ਬਦਲ ਕੇ ਕੋਈ ਹੌਟ ਬੀਟ ਵਾਲਾ ਚੈਨਲ ਹੀ ਲਾ ਦਿੱਤਾ ਹੋਵੇ।ਉਹ ਨਿੱਕਾ ਹੁੰਦਾ ਚੋਰੀ ਚਫੋਰੀ ਛਕਣ ਛਕਾਉਣ ਲੱਗ ਪਿਆ ਸੀ ਤੇ ਉਹ ਪੀਂਦਾ ਪੀਂਦਾ ਓਪਨ ਪੰਪ ਮਾਰੂ ਮਾਰਕੀਟ ਵਿੱਚ ਐਂਟਰੀ ਕਰ ਗਿਆ ਸੀ ਕਹਿਣ ਦਾ ਭਾਵ ਉਹ ਬੈਖੌਫ ਦਿਨ ਖੜੇ ਲੰਡੂ ਪੈਗ ਲਾਉਣ ਲੱਗ ਪਿਆ ਸੀ। ਫੁਫੜ ਬਹੁਤ ਕੌੜਦਾ ਪਰ ਉਸ ਦੀ ਕੋਈ ਵਾਹ ਨਾ ਜਾਂਦੀ।ਮੋਠ ਮਲੰਗਾ ! ਸਟੋਰੀ ਕਿਧਰੇ ਲੰਬੀ ਨਾ ਹੋ ਜੇ ਇਕ ਦਿਨ ਕੀ ਹੋਇਆ ਚਾਣਚੱਕੀ ਇਸ ਚਾਰ ਨੰਬਰੇ ਚੌਥੇ ਗਰਮ ਜੁੱਸੇ ਵਾਲੇ ਮੁੰਡੇ ਨੂੰ ਉਸ ਦੀ ਸਾਲੀ ਦਾ ਵਿਆਹ ਆ ਗਿਆ ।ਤੇ ਉਸ ਨੂੰ ਲੀੜੇ ਲੱਤੇ ਬਣਾਉਣ ਲਈ ਮਾਇਆ ਦੀ ਲੋੜ ਪੈ ਗਈ।ਉਸ ਨੇ ਫੁਫੜ ਕੋਲੋਂ ਮਾਇਆ ਮੰਗੀ ਤਾਂ ਫੂਫੜ ਸੂਈ ਕੁੱਤੀ ਵਾਗੂੰ ਕਦਾੜ ਕੇ ਪੈ ਗਿਆ – ਹੇ ਖਾਂ ! ਵਣੀ ਝਾੜੀ ਲੱਗਦੇ ਆ ਨਾ ਭਾਲਦਾ ਦਸ ਹਜ਼ਾਰ । ਹਜ਼ਾਰ ਪੰਦਰਾਂ ਸੌ ਲੈਣਾ ਤਾਂ ਲੈ ਲੈ ਮੂੰਹ ਟੱਡ ਕੇ ਆਖਤਾ ਦਸ ਹਜ਼ਾਰ -। ਮੁੰਡੇ ਨੇ ਆਵਦੀ ਮਾਂ ਨੂੰ ਕਿਹਾ – ਬੇਬੇ! ਤੂੰ ਇਸ ਨੂੰ ਸਮਝਾ ਦੇ ਟੂੰਮ ਟਾਮ ਵੀ ਬਣਾਉਣੀ ਪੈਣੀ ਕੁਝ ਬਣਕੇ ਜਾਣਾ ਪੈਣਾ-। ਭੂਆ ਸਿਰ ਦਾ ਪੱਲਾ ਜੇਹਾ ਠੀਕ ਕਰਕੇ ਸਚਿਆਰੀ ਜੇਹੀ ਬਣ ਕੇ ਫੁਫੜ ਨੂੰ ਕਹਿਣ ਲੱਗੀ -ਮੁੰਡੇ ਦੀ ਸਾਲੀ ਦਾ ਵਿਆਹ ਹੈ ਸੂਟ ਵੀ ਦੇਣਾ ਸਗਨ ਵੀ ਦੇਣੇ ਆ ; ਜ਼ਮਾਨੇ ਵੱਲ ਵੇਖ ਦਸ ਹਜ਼ਾਰ ਬਾਹਲਾ ਨਹੀਂ ।ਕੱਢ ਦੇ ਜੇਬ ਚੋਂ-। ਤਾਂ ਸੁਣ ਕੇ ਫੁਫੜ ਝੱਗ ਸੁਟਦਾ ਹੋਇਆ ਭੂਆ ਨੂੰ ਪੈ ਗਿਆ – ਜਾਹ ਜਾਂਦੀ ਰਹਿ ਹੋਰ ਨਾ ਪਹਿਲਾਂ ਤੈਨੂੰ ਈ ਲਾਲ ਰੰਗੇ ਗਾਂਧੀ ਆਲੇ ਹਜ਼ਾਰ ਹਜ਼ਾਰ ਦੇ ਦਿਆਂ ।ਬਣੀ ਫਿਰਦੀ ਵੱਡੀ ਹੇਜਲੀ ਫਰਮੈਸਾਂ ਕਰਦੀ ਆਵਦੇ ਜਾਣੇ ; ਦਰਖਤਾਂ ਨੂੰ ਲਗਦੇ ਆ ਨਾ -। ਤਾਂ ਭੂਆ ਵੀ ਨਹੋਰਾ ਜੇਹਾ ਮਾਰਦੀ ਆਖ ਬੈਠੀ - ਚੰਗਾ !ਨਾ ਦੇ ;ਹਿੱਕ ਤੇ ਰੱਖ ਕੇ ਲੈ ਜੀਂ । ਅਗਲੀ ਜੂਨ 'ਚ ਕਾਲਾ ਨਾਗ ਬਣੇਗਾ -।ਬੱਸ ਫੇਰ ਕੀ ਜਿਵੇਂ ਭੂਆ ਨੇ ਛਜਲੀ ਵਾਲੇ ਕੋਬਰੇ ਦੀ ਪੂਛ ਤੇ ਪੈਰ ਧਰਤਾ ਹੋਵੇ ; ਫੂਫੜ ਤੈਸ਼ 'ਚ ਆ ਕੇ ਫੂਕਰਿਆ ।ਝਈ ਲੈ ਕੇ ਚੌਤਰੇ ਵੱਲ ਗਿਆ ; ਹੋਰ ਤਾਂ ਉਸ ਦੇ ਹੱਥ ਲੱਗਿਆ ਨਾ ਉਸ ਨੇ ਹਾਰੇ 'ਤੇ ਪਿਆ ਸਟੀਲ ਦਾ ਜੱਗ ਈ ਭੁਆ ਕੇ ਭੂਆ ਵੱਲ ਦੁਰੋਂ ਚਲਾਵਾਂ ਮਾਰਿਆ ।ਜੱਗ ਭੂਆ ਦੇ ਕੰਨ ਤੇ ਐਸਾ ਵੱਜਿਆ ਠੁਕਣ ਸਾਰ ਉਸ ਦੇ ਦੰਦਲ ਪੈ ਗਈ ।ਭੂਆ ਨੇ ਅਜੇ ਭੁਆਟਣੀ ਜੇਹੀ ਖਾਧੀ ਸੀ ; ਉਧਰ ਪੰਜ ਹਜ਼ਾਰ ਮੰਗਣ ਵਾਲੇ ਦੇ ਵੀ ਦੋ ਕੁ ਕਰੜੇ ਹਾੜੇ ਲੱਗੇ ਸੀ ,ਉਹ ਮਾਂ ਉਤੇ ਹੋਇਆ ਜ਼ਾਲਮਾਨਾ ਹੱਲਾ ਵੇਖ ਕੇ ਉਬਾਲਾ ਖਾ ਗਿਆ ਤੇ ਯਾ ਅਲੀ ਕਹਿ ਕੇ ਬੁੜੇ ਨੂੰ ਪੈ ਗਿਆ ।ਉਸ ਨੇ ਖੁੰਜ ਚ ਖੜੀ ਚਾਰ ਕੁ ਫੁੱਟੀ ਜੰਗਾਲ ਖਾਧੀ ਜੇਹੀ ਲੋਹੇ ਦੀ ਨਾਲੀ ਚੁੱਕ ਲਈ ਤੇ ਫਬਾ ਕੇ ਫੁਫੜ ਦੇ ਬੰਨ੍ਹੀ ਪੰਜ ਗਜ਼ੀ ਪੱਗ 'ਤੇ ਗਿੱਚੀ ਤੇ ਘੱਤ ਦਿੱਤੀ । ਸਿਰ ਤੇ ਵੱਜੀ ਗੁੱੱਝੀ ਜੇਹੀ ਸੱਟ ਨੇ ਫੂਫੜ ਫੜਕਾ ਦਿਤਾ।ਖੜਕਾ ਜੇਹਾ ਸੁਣ ਕੇ ਰੋਟੀ ਟੁਕ ਖਾਂਦੇ ਦੂਜੇ ਭਰਾ ਵੀ ਵਿੱਚੇ ਈ ਬੁਰਕੀਆਂ ਸਿੱਟ ਕੇ ਭੱਜ ਕੇ ਆ ਗਏ ।ਉਨਾਂ ਮੂੰਹ ਮੱਥੇ ਨੂੰ ਟੋਹਿਆਂ ਤਾਂ ਪਤਾ ਲੱਗਾ ਬੇਬੇ ਤਾਂ ਖਤਰੇ ਤੋਂ ਬਾਹਰ ਹੈ ਪਰ ਬਾਪੂ ਉਡ ਗਿਆ ।ਤਾਂ ਭਰਾਵਾਂ ਭਾਬੀਆਂ ਨੇ ਲੰਮੀ ਸੋਚ ਸੋਚ ਕੇ ਲੋਹੇ ਦੀ ਨਾਲੀ ਮਾਰਨ ਵਾਲੇ ਲਾਡਲੇ ਭਰਾ ਨੂੰ ਅੱਗੇ ਪਿਛੇ ਕਰ ਦਿੱਤਾ ਤੇ ਰਸਮ ਜੇਹੀ ਕਰਨ ਲਈ ਚੁਪ ਚਾਪ ਫੁਫੜ ਨੂੰ ਸ਼ਹਿਰ ਹਸਪਤਾਲ ਲੈ ਗਏ । ਜਾ ਕੇ ਕਹਿਣ ਲੱੱਗੇ ਡਾਕਟਰ ਜੀ- ਬਾਪੂ ਗੁਥਲਖਾਨੇ ਗਿਆ ਸੀ ਤਿਲਕਵੀਂ ਫਰਸ਼ ਸੀ ਪਤਾ ਨਹੀਂ ਕੀ ਚੱਕਰ ਜੇਹਾ ਆਇਆ ਸਿਰ ਪਰਨੇ ਕਾਸੇ ਚੀਜ਼ ਤੇ ਡਿਗ ਪਿਆ-। ਤਾਂ ਡਾਕਟਰ ਉਨਾਂ ਦੀ ਗੱਲ ਨੂੰ ਅਣਸੁਣੀ ਕਰਦਾ ਹੋਇਆ ਟੂਟੀ ਲਾ ਕੇ ਆਂਹਦਾ – ਲੈ ਜੋ ਹੈਨੀ ਇਹਦੇ 'ਚ ਕੁਛ- ।ਬੱਸ ਮੋਠੂਆਂ ਗੱਲ ਨੂੰ ਹੁਣ ਮੁਕਾਉਂਦੀ ਕਰੀਏ ; ਮੁੰਡਿਆ ਨੇ ਘੜੀ ਭੰਨ ਤੀ ਤੇ ਬਾਪੂ ਫੂਕ ਦਿੱਤਾ ।ਅਜੇ ਫੁੱਲ ਚੁਗੇ ਨਹੀਂ ਸੀ ;ਚੁਗਣ ਤੋਂ ਇਕ ਦਿਨ ਪਹਿਲਾਂ ਪੰਜੇ ਭਰਾ ਬਰਾਂਡੇ 'ਚ ਬੈਠੇ ਪੈਲੀ ਦਾ ਵੰਡ ਵੰਡੀਈਆ ਕਰਦੇ ਹੋਏ ਐਂ ਗੱਲਾਂ ਕਰਨ ਜਿਵੇਂ ਭਾਦੋਂ ਦੇ ਮੁਕਲਾਵੇ ਦਾ ਚਾਅ ਹੁੰਦਾ ; ਚੇਹਰਿਆਂ ਤੇ ਐਂ ਰੌਣਕ ਜਿਵੇਂ ਪਾਰਟੀ ਨੂੰ ਟੂ ਥਰਡ ਬਹੁਮੱਤ ਆ ਗਿਆ ਹੋਵੇ । ਵੱਡਾ ਭਰਾ ਆਂਹਦਾ – ਭਰਾਵੋ ਕਹਿਣਾ ਤਾਂ ਨਹੀਂ ਚਾਹੀਦਾ ਪਰ ਇਕ ਹਿਸਾਬ ਨਾਲ ਜੱਭ ਜੇਹਾ ਤਾਂ ਕੇਰਾਂ ਮੁਕ ਈ ਗਿਆ, ਹੁਣ ਸੁਖ ਦੀ ਤਾਂ ਖਾਇਆ ਕਰਾਂਗੇ ;ਆਪਣੀ ਦੋਂ ਥਾਂਈ ਪੈਲੀ ਹੈ ਹਰੇਕ ਨੂੰ ਨੌ ਨੌ ਕਿੱਲੇ ਆਉਂਦੇ ਆ ਬਹਿ ਕੇ ਭਰਾਵੀਂ ਵੰਡ ਲੈਂਦੇ ਹਾਂ ।ਰਹੀ ਬੇਬੇ ਦੀ ਗੱਲ ਇਹ ਜੀਹਦੇ ਨਾਲ ਮਰਜ਼ੀ ਰਹੇ ਜਿਵੇਂ ਇਹ ਆਖੂ ਤਵਿਉਂ ਲਹਿੰਦੀ ਸਾਰੀ ਉਮਰ ਦਿੰਦੇ ਰਹਾਂਗੇ । ਤਾਂ ਕੋਲ ਬੈਠੀ ਸੁਣੀ ਜਾਂਦੀ ਭੂਆ ਪੱਲੇ ਨਾਲ ਅੱਖ ਜੇਹੀ ਪੂੰਜਦੀ ਬੋਲੀ - ਵੇ ਤੁਸੀਂ ਤਾਂ ਮੱਛਰੇ ਹੋਏ ਐਂ ਕਰੀ ਜਾਂਦੇ ਹੋ ਜਿਵੇਂ ਥੋਨੂੰ ਕਿਸੇ ਔਂਤ ਦੇ ਹਿੱਸੇ ਦੀ ਆਈ ਹੋਵੇ ।ਕੁਛ ਤਾਂ ਜ਼ਿਰਾਂਦ ਕਰ ਲੋ ਫੇਰ ਵੀ ਥੋਡਾ ਪਿਉ ਸੀ ਥੋਨੂੰ ਕਿੱਲੇ ਮੱਲਣ ਦੀ ਪੈ ਗੀ ।ਵੇ ਅਜੇ ਤਾਂ ਫੁੱਲ ਵੀ ਨਹੀਂ ਚੁਗੇ ;ਡੁਬ ਜਾਣਿਓ ਲੱਕੜਾਂ ਤਾਂ ਠੰਡੀਆਂ ਹੋ ਜਾਣ ਦਿਉ ।ਉਹ ਹੋ..।
Rishi Gulati
Mintu Brar
Gagan Hans
Dalvir Halwarvi
Gajjanwala Sukhminder
Amrik Singh Phalora
Dr. Paramvir Singh




ਮਲੇਰਕੋਟਲੇ ਵੱਲ ਇਕ ਦੂਰ ਦੀ ਸਕੀਰੀ ਚੋਂ ਲਗਦੇ ਫੁਫੜ ਦੇ ਪੰਜ ਮੁੰਡਿਆਂ ਚੋਂ ਜੇਹੜਾ ਵਿਆਹ ਕਰਾਉਣ ਪਿਛੋਂ ਤੜਿੰਗ ਫੜਿੰਗ ਜੇਹੀ ਕਰਦਾ ਤਾਂ ਫੁਫੜ ਆਪਣਾ ਤੇ ਕੁੜੀਆਂ ਦਾ ਹਿੱਸਾ ਰੱਖ ਕੇ ਕੁੱਲ ਪੰਤਾਲੀ ਕਿਲਿਆਂ ਚੋਂ ਉਸ ਨੂੰ ਪੰਜ ਕਿੱਲੇ ਦੇ ਦਿੰਦਾ ਤੇ ਸਕੂਲ ਵਾਂਗੂ ਇਕੋ ਲਾਈਨ 'ਚ ਛੱਤੇ ਕਮਰਿਆਂ ਚੋਂ ਚੌਹਾਂ ਖਣਾ ਵਾਲਾ ਇਕ ਕਮਰਾ ਦੇ ਕੇ ਅੱਡ ਕਰਦਾ ਹੋਇਆ ਆਖਦਾ- ਮੱਲਾ! ਹੁਣ ਆਵਦੀ ਖਾ ਤੇ ਆਵਦੀ ਕਮਾ ; ਜੁੱਲੀ ਬਿਸਤਰਾ ਅੱਡ ਅੱਜ ਤੋਂ ਆਵਦਾ ਅਲੈਹਦਾ ਵਛਾ -।ਫੁਫੜ ਨੇ ਪੁਰਾਤਨ ਸੌੜੀ ਸੋਚ ਅਨੁਸਾਰ ਐਹੋ ਜੇਹੀ ਜ਼ਿੰਦਗੀ ਬਿਤਾਈ ਕਿ ਨਾ ਉਸ ਨੇ ਜਿਉਂਦੇ ਜੀਅ ਆਪ ਚੱਜ ਦਾ ਖਾਧਾ ਤੇ ਨਾ ਹੀ ਕਿਸੇ ਨੂੰ ਢੰਗ ਨਾਲਾ ਖਾਣ ਦਿੱਤਾ ।ਸਾਰੀ ਉਮਰ ਪਤੀਲਿਆਂ 'ਚ ਗੁੜ ਦੀ ਚਾਹ ਕੜ੍ਹਦੀ ਰਹੀ ।